ਆਸ਼ਰਮ
“ਪਿਆਰੇ ਭਰਾਵੋਂ ਤੇ ਭੈਣੋ ! ਅੱਜ ਇਕਹਿਰੇ ਪਰਿਵਾਰਾਂ ਨਾਲ ਬਜ਼ੁਰਗਾਂ ਦੀ ਜ਼ਿੰਦਗੀ ਬਤਰ ਹੋ ਗਈ ਹੈ। ਹਰ ਕੋਈ ਆਪਣੇ – ਆਪਣੇ ਪਰਿਵਾਰ ਵਿਚ ਸਿਮਟ ਕੇ ਰਹਿ ਗਿਆ ਹੈ। ਇਸ ਲਈ ਅਸੀਂ ਆਪਣੇ ਸ਼ਹਿਰ ਵਿਚ ਬਜ਼ੁਰਗ ਆਸ਼ਰਮ ਖੋਲਨ ਦੀ ਖੁਸ਼ੀ ਲੈ ਰਿਹੇ ਹਾਂ।” ਉਸਦੇ ਪ੍ਰਭਾਵਸ਼ਾਲੀ ਵਿਚਾਰਾਂ ਨਾਲ ਸਾਰੇ ਸਹਿਮਤ ਸਨ। ਮੈਂ ਵੀ ਕੀਲਿਆ ਗਿਆ।
ਮੈਂ ਮਨ ਹੀ ਮਨ ਆਸ਼ਰਮ ਲਈ ਵੱਡੀ ਰਕਮ ਦੇਣ ਦਾ ਨਿਰਣਾ ਕਰ ਲਿਆ । ਮੈਂ ਭਾਸ਼ਣ ਦੇ ਚੁੱਕੇ ਸੱਜਣ ਦੇ ਬਹੁਤ ਨੇੜੇ ਹੋ ਕੇ ਕਿਹਾ,” ਜੀ, ਮੈਂ ਗੁਪਤ ਦਾਨ ਕਰਨਾ ਚਾਹੁੰਦਾ ਹਾਂ।” “ਤੁਸੀਂ,ਕਿਸੇ ਸਮੇਂ ਵੀ ਮੈਂਨੂੰ ਮੇਰੀ ਕੋਠੀ ਮਿਲ ਲਵੋ।” ਉਸ ਸੱਜਣ ਨੇ ਬੜੇ ਹੀ ਪਿਆਰ ਤੇ ਠਰ੍ਹੁਮੇ ਨਾਲ ਜਾਨ ਦਾ ਫੈਂਸਲਾ ਕਰ ਲਿਆ। ਇੱਕ ਹੋਰ ਦਾਨੀ ਸੱਜਣ ਵੀ ਸਾਡੇ ਨਾਲ ਹੀ ਕਾਰ ਵਿਚ ਬੈਠ ਗਿਆ। ਪਲਾਂ ਵਿੱਚ ਕਾਰ ਸੁੰਦਰ ਕੋਠੀ...
ਦੇ ਸਾਹਮਣੇ ਜਾ ਕੇ ਰੁਕ ਗਈ। ਕੋਠੀ ਦੇ ਅੰਦਰ ਵੜਦੇ ਹੀ ਪੋਰਚ ਦੇ ਹੇਠਾਂ ਡੱਠੀ ਮੰਜੀ ਉੱਤੇ ਉਸਦੇ ਬਜ਼ੁਰਗ ਪਿਤਾ ਜੀ ਲੇਟੇ ਸਨ। ਉਹ ਕੁਝ ਮੰਗ ਰਿਹਾ ਸਨ। ਮੈਂ ਉਸ ਸੱਜਣ ਵੱਲ ਮੁਖਾਤਬ ਹੁੰਦੇ ਕਿਹਾ “ਸ਼ਾਇਦ ਬਾਬਾ ਜੀ, ਪਾਣੀ ਮੰਗ ਰਹੇ ਹਨ। “ਨਾ——–ਨਾ ਪਾਣੀ,ਇਸਨੇ ਕੀ ਮੰਗਣਾ? 75 ਦਾ ਬੁੱਢਾ ਹੋ ਗਿਆ, ਬਸ ਇਸਦੀ ਤਾਂ ਹੁਣ ਮਤ ਮਾਰੀ ਗਈ ਹੈ। ਜੇ ਕੋਈ ਘਰ ਆ ਜਾਵੇ ਇਵੇਂ ਹੀ ਕਰਦਾ ਰਹਿੰਦਾ ਹੈ। ਚਲੋ, ਅੰਦਰ ਬੈਠਕ ਵਿਚ ਬੈਠਦੇ ਹਾਂ ,”ਮੇਰਾ ਮਨ ਕੁਸੈਲਾ ਹੋ ਗਿਆ, ਬੈਠਕ ਵਿਚ ਜਾਣ ਦੀ ਥਾਂ ਮੈਂ ਵਾਪਸ ਆ ਗਿਆ।
——–ਭੁਪਿੰਦਰ ਕੌਰ ਸਢੌਰਾ