More Punjabi Kahaniya  Posts
ਬੁੱਧੀਮਾਨ ਨੇਤਾ


ਇਸੇ ਯੁੱਗ ਦੀ ਗੱਲ ਏ। ਹਨੇਰੀ ਰਾਤ ਵਿੱਚ ਇੱਕ ਉੱਲੂ ਕਿਸੇ ਬਿਰਖ ਦੀ ਟਾਹਣੀ ’ਤੇ ਗੁਆਚਾ ਬੈਠਾ ਸੀ। ਇੰਨੇ ਵਿੱਚ ਦੋ ਖਰਗੋਸ਼ ਉਧਰੋਂ ਲੰਘੇ। ਉਨ੍ਹਾਂ ਦਾ ਯਤਨ ਇਹ ਸੀ ਕਿ ਉਹ ਉਸ ਬਿਰਖ ਕੋਲੋਂ ਚੁੱਪਚਾਪ ਲੰਘ ਜਾਣ ਪਰ ਉਹ ਅੱਗੇ ਵਧੇ ਤਾਂ ਉੱਲੂ ਨੇ ਪਿੱਛੋਂ ਪੁਕਾਰਿਆ, ‘‘ਜ਼ਰਾ ਰੁਕੋ!’’ ਉਹਨੇ ਉਨ੍ਹਾਂ ਨੂੰ ਵੇਖ ਲਿਆ ਸੀ।
‘‘ਕੌਣ?’’ ਦੋਵੇਂ ਖਰਗੋਸ਼ ਹੈਰਾਨੀ ਨਾਲ ਤ੍ਰਭਕਦੇ ਹੋਏ ਬੋਲੇ। ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋਇਆ ਕਿ ਇੰਨੇ ਡੂੰਘੇ ਹਨੇਰੇ ਵਿੱਚ ਵੀ ਕੋਈ ਉਨ੍ਹਾਂ ਨੂੰ ਵੇਖ ਸਕਦਾ ਹੈ।
‘‘ਖਰਗੋਸ਼ ਭਰਾਵੋ! ਜ਼ਰਾ ਮੇਰੀ ਗੱਲ ਵੀ ਸੁਣੋ…’’ ਉੱਲੂ ਨੇ ਫਿਰ ਕਿਹਾ ਪਰ ਖਰਗੋਸ਼ ਬੜੀ ਤੇਜ਼ੀ ਨਾਲ ਭੱਜ ਨਿਕਲੇ ਤੇ ਜਾ ਕੇ ਦੂਜੇ ਪੰਛੀਆਂ ਤੇ ਜਾਨਵਰਾਂ ਨੂੰ ਖ਼ਬਰ ਦਿੱਤੀ ਕਿ ਉੱਲੂ ਸਭ ਤੋਂ ਵੱਧ ਚਲਾਕ ਤੇ ਬੁੱਧੀਮਾਨ ਹੈ ਕਿਉਂਕਿ ਉਹ ਹਨੇਰੇ ’ਚ ਵੇਖ ਸਕਦਾ ਹੈ ਤੇ ਔਖੇ ਸੁਆਲਾਂ ਦੇ ਉੱਤਰ ਵੀ ਦੇ ਸਕਦਾ ਹੈ।
ਲੂੰਮੜੀ ਨੇ ਕਿਹਾ, ‘‘ਮੈਨੂੰ ਜ਼ਰਾ ਇਸ ਗੱਲ ਦੀ ਜਾਂਚ ਕਰ ਲੈਣ ਦਿਉ।’’
ਅਗਲੀ ਰਾਤ ਲੂੰਮੜੀ ਉਸ ਬਿਰਖ ਕੋਲ ਪੁੱਜੀ ਤੇ ਉੱਲੂ ਨੂੰ ਕਹਿਣ ਲੱਗੀ, ‘‘ਦੱਸ, ਮੈਂ ਇਸ ਸਮੇਂ ਕਿੰਨੇ ਪੰਜੇ ਚੁੱਕ ਰੱਖੇ ਨੇ?’’
ਉੱਲੂ ਨੇ ਝਟਪਟ ਕਿਹਾ, ‘‘ਇੱਕ।’’
ਉੱਤਰ ਠੀਕ ਸੀ।
‘‘ਚੰਗਾ! ਇਹ ਦੱਸੋ, ਅਰਥਾਤ ਦਾ ਅਰਥ ਕੀ ਹੁੰਦਾ ਏ?’’ ਲੂੰਮੜੀ ਨੇ ਪੁੱਛਿਆ।
‘‘ਅਰਥਾਤ ਦਾ ਅਰਥ ਉਦਾਹਰਨ ਦੇਣਾ ਹੁੰਦਾ ਏ।’’ ਲੂੰਮੜੀ ਭੱਜਦੀ ਹੋਈ ਵਾਪਸ ਆਈ। ਉਹਨੇ ਪੰਛੀਆਂ ਤੇ ਜਾਨਵਰਾਂ ਨੂੰ ਇਕੱਠਿਆਂ ਕੀਤਾ ਅਤੇ ਗਵਾਹੀ ਦਿੱਤੀ ਕਿ ਸਚਮੁੱਚ ਉੱਲੂ ਸਭ ਤੋਂ ਵੱਧ ਚਲਾਕ ਤੇ ਬੁੱਧੀਮਾਨ ਹੈ ਕਿਉਂਕਿ ਉਹ ਹਨੇਰੇ ’ਚ ਵੇਖ ਸਕਦਾ ਹੈ ਤੇ ਔਖੇ ਸੁਆਲਾਂ ਦੇ ਉੱਤਰ ਵੀ ਦੱਸ ਸਕਦਾ ਹੈ।
‘‘ਕੀ ਉਹ ਦਿਨ ਦੀ ਰੋਸ਼ਨੀ ਵਿੱਚ ਵੀ ਵੇਖ ਸਕਦਾ ਏ?’’ ਇੱਕ ਬਿਰਧ ਬਗਲੇ ਨੇ ਪੁੱਛਿਆ। ਇਹੀ ਸੁਆਲ ਇੱਕ ਜੰਗਲੀ ਬਿੱਲੇ ਨੇ ਵੀ ਕੀਤਾ। ਸਾਰੇ ਜਾਨਵਰ ਚੀਕ ਉੱਠੇ, ‘‘ਇਹ ਦੋਵੇਂ ਸੁਆਲ ਮੂਰਖਤਾ ਭਰੇ ਨੇ।’’ ਅਤੇ ਫਿਰ ਜ਼ੋਰ-ਜ਼ੋਰ ਨਾਲ ਕਹਿ-ਕਹੇ ਲਾਉਣ ਲੱਗੇ। ਜੰਗਲੀ ਬਿੱਲੇ ਤੇ ਬਿਰਧ ਬਗਲੇ ਨੂੰ ਜੰਗਲ ਤੋਂ ਕੱਢ ਦਿੱਤਾ ਗਿਆ ਅਤੇ ਇਕਮਤ ਨਾਲ ਉੱਲੂ ਨੂੰ ਸੁਨੇਹਾ ਭੇਜਿਆ ਗਿਆ ਕਿ ਉਹ ਉਨ੍ਹਾਂ ਸਾਰਿਆਂ ਦਾ ਮੁਖੀ ਬਣ ਜਾਵੇ ਕਿਉਂ ਜੋ ਉਹੀ ਸਭ ਤੋਂ ਵੱਧ ਬੁੱਧੀਮਾਨ ਹੈ। ਇਸ ਲਈ ਉਨ੍ਹਾਂ ਦੀ ਰਹਿਨੁਮਾਈ ਤੇ ਪੱਥ-ਪ੍ਰਦਰਸ਼ਨ ਕਰਨ ਦਾ ਅਧਿਕਾਰ ਉਸੇ ਨੂੰ ਹੈ।
ਉੱਲੂ ਨੇ ਇਹ ਪ੍ਰਾਰਥਨਾ ਪ੍ਰਵਾਨ ਕਰ ਲਈ। ਜਿਸ ਵੇਲੇ ਉਹ ਪੰਛੀਆਂ ਤੇ ਜਾਨਵਰਾਂ ਕੋਲ ਪੁੱਜਿਆ, ਉਸ ਵੇਲੇ ਦੁਪਹਿਰ ਸੀ। ਸੂਰਜ ਦਾ ਤੇਜ਼ ਪ੍ਰਕਾਸ਼ ਚਾਰੇ ਪਾਸੇ ਫੈਲਿਆ ਹੋਇਆ ਸੀ ਤੇ ਉੱਲੂ ਨੂੰ ਕੁਝ ਵਿਖਾਈ ਨਹੀਂ ਸੀ ਦੇ ਰਿਹਾ। ਉਹ ਫੂਕ-ਫੂਕ ਕੇ ਕਦਮ ਰੱਖ ਰਿਹਾ ਸੀ ਜਿਸ ਨਾਲ...

ਉਹਦੀ ਚਾਲ ਤੇ ਸ਼ਖ਼ਸੀਅਤ ਵਿੱਚ ਰੋਅਬ ਪੈਦਾ ਹੋ ਗਿਆ, ਜਿਹੜੀ ਮਹਾਨ ਵਿਅਕਤੀਆਂ ਦੀ ਵਿਸ਼ੇਸ਼ਤਾ ਹੁੰਦੀ ਹੈ। ਉਹ ਆਪਣੀਆਂ ਗੋਲ-ਮੋਲ ਅੱਖਾਂ ਖੋਲ੍ਹ-ਖੋਲ੍ਹ ਕੇ ਆਪਣੇ ਚਾਰੇ ਪਾਸੇ ਵੇਖਣ ਦਾ ਯਤਨ ਕਰਦਾ। ਪੰਛੀ ਤੇ ਜਾਨਵਰ ਵੇਖਣ ਦੇ ਇਸ ਤਰੀਕੇ ਤੋਂ ਹੋਰ ਵੀ ਵਧੇਰੇ ਪ੍ਰਭਾਵਿਤ ਹੋਏ।
‘‘ਇਹ ਸਾਡਾ ਪੱਥ-ਪ੍ਰਦਰਸ਼ਕ ਹੀ ਨਹੀਂ, ਅਸਾਂ ਸਾਰਿਆਂ ਦਾ ਨੇਤਾ ਵੀ ਏ। ਇਹ ਤਾਂ ਦੇਵਤਾ ਏ ਦੇਵਤਾ।’’ ਇੱਕ ਮੋਟੀ ਮੁਰਗਾਬੀ ਨੇ ਜ਼ੋਰ ਨਾਲ ਕਿਹਾ। ਦੂਜੇ ਪੰਛੀਆਂ ਤੇ ਜਾਨਵਰਾਂ ਨੇ ਵੀ ਉਹਦੀ ਨਕਲ ਕੀਤੀ ਤੇ ਉਹ ਜ਼ੋਰ-ਜ਼ੋਰ ਨਾਲ ‘‘ਨੇਤਾ…ਨੇਤਾ’’ ਦੇ ਨਾਅਰੇ ਲਾਉਣ ਲੱਗੇ।
ਹੁਣ ਉੱਲੂ ਅਰਥਾਤ ਉਨ੍ਹਾਂ ਸਾਰਿਆਂ ਦਾ ਪੱਥ-ਪ੍ਰਦਰਸ਼ਕ ਤੇ ਨੇਤਾ ਅੱਗੇ-ਅੱਗੇ ਤੇ ਉਹ ਸਾਰੇ ਬਿਨਾਂ ਸੋਚੇ-ਸਮਝੇ ਅੰਨ੍ਹੇਵਾਹ ਉਹਦੇ ਪਿੱਛੇ-ਪਿੱਛੇ ਜਾ ਰਹੇ ਸਨ। ਪ੍ਰਕਾਸ਼ ਕਾਰਨ ਉਹਨੂੰ ਨਜ਼ਰ ਤਾਂ ਕੁਝ ਆਉਂਦਾ ਨਹੀਂ ਸੀ। ਚਲਦੇ-ਚਲਦੇ ਉਹ ਪੱਥਰਾਂ ਤੇ ਬਿਰਖਾਂ ਦੇ ਤਣਿਆਂ ਨਾਲ ਟਕਰਾਇਆ। ਬਾਕੀ ਸਾਰਿਆਂ ਦੀ ਵੀ ਇਹੀ ਦੁਰਦਸ਼ਾ ਹੋਈ। ਇਸ ਪ੍ਰਕਾਰ ਉਹ ਟਕਰਾਉਂਦੇ ਤੇ ਡਿੱਗਦੇ-ਡਿੱਗਦੇ ਜੰਗਲ ’ਚੋਂ ਬਾਹਰ ਵੱਡੀ ਸੜਕ ’ਤੇ ਪੁੱਜੇ। ਉੱਲੂ ਨੇ ਸੜਕ ਵਿਚਕਾਰ ਚੱਲਣਾ ਸ਼ੁਰੂ ਕਰ ਦਿੱਤਾ। ਬਾਕੀ ਸਾਰਿਆਂ ਨੇ ਵੀ ਉਹਦੀ ਨਕਲ ਕੀਤੀ।
ਥੋੜ੍ਹੀ ਹੀ ਦੇਰ ਮਗਰੋਂ ਇੱਕ ਗਰੁੜ ਨੇ, ਜਿਹੜਾ ਉਸ ਭੀੜ ਦੇ ਨਾਲ ਉੱਡ ਰਿਹਾ ਸੀ, ਵੇਖਿਆ ਕਿ ਦੂਰੋਂ ਇੱਕ ਟਰੱਕ ਤੇਜ਼ ਰਫ਼ਤਾਰ ਨਾਲ ਆ ਰਿਹਾ ਹੈ। ਉਹਨੇ ਲੂੰਮੜੀ ਨੂੰ ਦੱਸਿਆ ਜਿਹੜੀ ਉੱਲੂ ਦੀ ਸਕੱਤਰ ਦੇ ਫ਼ਰਜ਼ ਅਦਾ ਕਰ ਰਹੀ ਸੀ।
‘‘ਦੇਵਤਾ!…ਅੱਗੇ ਖ਼ਤਰਾ ਏ।’’ ਲੂੰਮੜੀ ਨੇ ਬੜੇ ਆਦਰ ਨਾਲ ਉੱਲੂ ਦੀ ਸੇਵਾ ’ਚ ਬੇਨਤੀ ਕੀਤੀ।
‘‘ਚੰਗਾ।’’ ਉੱਲੂ ਨੇ ਹੈਰਾਨੀ ਨਾਲ ਕਿਹਾ।
‘‘ਕੀ ਤੁਸੀਂ ਕਿਸੇ ਖ਼ਤਰੇ ਤੋਂ ਭੈਅਭੀਤ ਨਹੀਂ ਹੁੰਦੇ?’’ ਲੂੰਮੜੀ ਨੇ ਬੇਨਤੀ ਕੀਤੀ।
‘‘ਖ਼ਤਰਾ! ਖ਼ਤਰਾ! ਕਿਹੜਾ ਖ਼ਤਰਾ?’’ ਉੱਲੂ ਨੇ ਪੁੱਛਿਆ।
ਟਰੱਕ ਬਹੁਤ ਨੇੜੇ ਆ ਪੁੱਜਿਆ ਸੀ ਪਰ ਉੱਲੂ ਬੇਖ਼ਬਰ ਉਸੇ ਪ੍ਰਕਾਰ ਸ਼ਾਨ ਨਾਲ ਜਾ ਰਿਹਾ ਸੀ। ਮਹਾਨ ਨੇਤਾ ਦੇ ਚੇਲੇ ਵੀ ਕਦਮ ਨਾਲ ਕਦਮ ਪੁੱਟਦੇ ਚੱਲ ਰਹੇ ਸਨ। ਅਜੀਬ ਸਮਾਂ ਸੀ। ‘‘ਵਾਹ…ਵਾਹ! ਸਾਡਾ ਨੇਤਾ ਬੁੱਧੀਮਾਨ ਤੇ ਚਲਾਕ ਹੀ ਨਹੀਂ, ਬਹੁਤ ਬਹਾਦਰ ਵੀ ਏ।’’ ਲੂੰਮੜੀ ਨੇ ਜ਼ੋਰ ਨਾਲ ਪੁਕਾਰਿਆ ਤੇ ਬਾਕੀ ਜਾਨਵਰ ਇਕਸੁਰ ਹੋ ਕੇ ਪੁਕਾਰ ਉੱਠੇ, ‘‘ਸਾਡਾ ਨੇਤਾ ਬੁੱਧੀਮਾਨ ਤੇ ਚਲਾਕ…।’’
ਅਚਾਨਕ ਟਰੱਕ ਆਪਣੀ ਪੂਰੀ ਰਫ਼ਤਾਰ ਨਾਲ ਉਨ੍ਹਾਂ ਨੂੰ ਮਿੱਧ ਕੇ ਲੰਘ ਗਿਆ। ਮਹਾਨ, ਬੁੱਧੀਮਾਨ ਤੇ ਚਲਾਕ ਨੇਤਾ ਦੇ ਨਾਲ ਉਹਦੇ ਮੂਰਖ ਚੇਲਿਆਂ ਦੀਆਂ ਲਾਸ਼ਾਂ ਦੂਰ-ਦੂਰ ਤਕ ਖਿੱਲਰੀਆਂ ਪਈਆਂ ਸਨ।
,
~ ਜੇਮਜ਼ ਥਰਬਰ
(ਮੋਦੀ ਚੇਤੇ ਆ ਗਿਆ)

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)