More Punjabi Kahaniya  Posts
ਜੰਨਤ


ਫ਼ੈਜ ਭੋਲਾਭਾਲਾ ਲੜਕਾ ਸੀ। ਕਸਮੀਰ ਦੀਆਂ ਪਹਾੜੀਆਂ ਵਿੱਚ ਉਹਨਾਂ ਦਾ ਨਿੱਕਾ ਜਿਹਾ ਝੌਂਪੜੀ ਨੁਮਾ ਘਰ ਸੀ। ਉਸਦੀ ਅੰਮੀ ਜਾਨ ਆਬਿਦਾ ਅੱਲਾ ਨੂੰ ਪਿਆਰ ਕਰਨ ਵਾਲੀ ਸੀ ਤੇ ਉਸਦਾ ਅੱਬੂ ਪਰਵੇਜ ਭੱਟ ਹਮੇਸ਼ਾ ਹੀ ਇੱਕ ਬਾਗੀ ਕਿਸਮ ਦਾ ਇਨਸਾਨ ਸੀ। ਉਹ ਦੇਸ ਵਿਰੋਧੀ ਗਤੀਵਿਧੀਆਂ ਵਿੱਚ ਵਧ ਚੜ੍ਹ ਕੇ ਭਾਗ ਲੈਂਦਾ ਸੀ ਤੇ ਅੱਤਵਾਦੀ ਸੰਗਠਨਾਂ ਨਾਲ ਰਲ ਕੇ ਆਮ ਖ਼ਲਕਤ ਦੀ ਮਾਰਾ-ਮਰਾਈ ਕਰਦਾ ਸੀ। ਪਹਿਲਾਂ ਉਹ ਘਰ ਦਾ ਮਾੜਾ ਮੋਟਾ ਕੰਮ ਕਰਦਾ ਸੀ ਪਰ ਹੁਣ ਉਸਦੇ ਤਾਲੁਕਾਤ ਕੱਟੜਪੰਥੀ ਮਜਬੀ ਤਾਕਤਾਂ ਨਾਲ ਵਧਣ ਕਰਕੇ ਉਹ ਘਰ ਘੱਟ ਹੀ ਆਇਆ ਕਰਦਾ ਸੀ। ਉਸਨੂੰ ਡਰ ਸੀ ਕਿ ਸਰਕਾਰ ਉਸਦੀਆਂ ਗਤੀਵਿਧੀਆਂ ਤੇ ਨਜਰ ਰੱਖ ਰਹੀ ਹੈ ਤੇ ਉਸਨੂੰ ਗ੍ਰਿਫਤਾਰ ਕਰ ਲਵੇਗੀ। ਬਾਕੀ ਉਸਦੇ ਕਤਲੋਗਾਰਤ ਦੇ ਕਈ ਅਹਿਮ ਮਾਮਲੇ ਸਾਹਮਣੇ ਆ ਗਏ ਸਨ। ਪੁਲਿਸ ਵੇਲੇ ਕੁਵੇਲੇ ਉਹਨੇ ਦੇ ਘਰੇ ਆਉਂਦੀ ਰਹਿੰਦੀ ਸੀ ਤਾਂ ਕਿ ਉਸਨੂੰ ਫੜਿਆ ਜਾ ਸਕੇ। ਪਰ ਦੋ ਸਾਲ ਤੋਂ ਵੱਧ ਸਮਾਂ ਹੋ ਗਿਆ ਸੀ ਉਸਨੂੰ ਘਰ ਆਏ ਹੋਏ ਨੂੰ। ਹੁਣ ਆਬਿਦਾ ਤੇ ਫ਼ੈਜ ਨੂੰ ਉਸਦੇ ਜਿਉਂਦੇ ਹੋਣ ਉਮੀਦ ਨਹੀਂ ਸੀ। ਫ਼ੈਜ ਓਦੋਂ ਬਾਰਾਂ ਸਾਲਾਂ ਦਾ ਸੀ ਜਦੋਂ ਉਸਦਾ ਅੱਬੂ ਰਾਤ ਨੂੰ ਚੋਰੀ ਦੋ ਵਜੇ ਘਰ ਆਇਆ ਸੀ ਤੇ ਦੋ ਘੰਟੇ ਬਾਅਦ ਹੀ ਆਪਣੇ ਸਾਥੀ ਨਾਲ ਚਲਾ ਗਿਆ ਸੀ। ਉਸ ਵਕਤ ਉਹਨਾਂ ਕੋਲ ਕਾਫੀ ਹਥਿਆਰ ਸਨ ਜਿਹਨਾਂ ਨੂੰ ਵੇਖ ਕੇ ਫ਼ੈਜ ਡਰ ਗਿਆ ਸੀ। ਆਬਿਦਾ ਦੀ ਆਪਣੇ ਸ਼ੌਹਰ ਨਾਲ ਓਦੋਂ ਬਹੁਤ ਤੂੰ-ਤੂੰ ਮੈਂ-ਮੈਂ ਹੋਈ ਸੀ ਕਿਉਂਕਿ ਉਸਨੂੰ ਇਹ ਮਾਰ-ਮਰਾਈ ਦੀਆਂ ਗੱਲਾਂ ਬਿਲਕੁੱਲ ਪਸੰਦ ਨਹੀਂ ਸਨ ਪਰ ਪਰਵੇਜ ਇਸਨੂੰ ਅੱਲਾ ਦੀ ਇਬਾਦਤ ਸਮਝਦਾ ਸੀ। ਗੈਰ ਮਜਬੀ ਲੋਕਾਂ ਨੂੰ ਮਾਰਨਾ ਉਸਦੀ ਨਜਰ ਵਿੱਚ ਜੰਨਤ ਸੀ। ਆਬਿਦਾ ਉਸਨੂੰ ਸਮਝਾਉਂਦੀ ਸੀ ਕਿ ਤੈਨੂੰ ਗਲਤ ਲੋਕ ਵਰਤ ਰਹੇ ਹਨ ਅਤੇ ਤੇਰੇ ਖਿਆਲਾਂ ਵਿੱਚ ਗਲਤ ਵਿਚਾਰ ਭਰ ਰਹੇ ਜੋ ਸਾਰੇ ਆਵਾਮ ਲਈ ਚੰਗੇ ਨਹੀਂ ਹਨ। ਇਹ ਦੇਸ ਵਿਰੋਧੀ ਗਤੀਵਿਧੀਆਂ ਤੈਨੂੰ ਇੱਕ ਦਿਨ ਮੌਤ ਦੇ ਮੂੰਹ ਵਿੱਚ ਧਕੇਲ ਦੇਣਗੀਆਂ ਪਰ ਪਰਵੇਜ਼ ਕੱਟੜਪੰਥੀ ਤਾਕਤਾਂ ਦੇ ਹੱਥ ਚੜੵ ਗਿਆ ਸੀ ਤੇ ਉਸ ਲਈ ਵਾਪਸ ਪਰਤਣਾ ਮੁਸ਼ਕਲ ਸੀ। ਅੱਜ ਫ਼ੈਜ ਪੰਦਰਾਂ ਸਾਲ ਦਾ ਹੋ ਗਿਆ ਸੀ ਤੇ ਪਹਾੜਾਂ ਵਿੱਚੋਂ ਲੱਕੜੀ ਕੱਟ ਕੇ ਮਾਂ ਨਾਲ ਘਰ ਦਾ ਗੁਜਾਰਾ ਮਸਾਂ ਹੀ ਚਲਾ ਰਿਹਾ ਸੀ। ਉਸਦੀ ਮਾਂ ਨੂੰ ਡਰ ਰਹਿੰਦਾ ਸੀ ਕਿ ਫ਼ੈਜ ਵੀ ਆਪਣੇ ਬਾਪ ਵਾਲੇ ਵਿਚਾਰਾਂ ਦਾ ਧਾਰਨੀ ਨਾ ਬਣ ਜਾਵੇ ਕਿਉਂਕਿ ਉਹ ਵੀ ਬਹੁਤਾ ਪੜਿਆ ਲਿਖਿਆ ਨਹੀਂ ਸੀ। ਹੁਣ ਉਮਰ ਵਧਣ ਕਾਰਨ ਉਸਦਾ ਆਉਣਾ ਜਾਣਾ ਬਾਹਰ ਕਾਫੀ ਵਧ ਗਿਆ ਸੀ। ਉਹ ਕਈ ਵਾਰ ਲੱਕੜਾਂ ਲੈਣ ਗਿਆ ਸ਼ਾਮ ਤੱਕ ਘਰ ਨਹੀਂ ਮੁੜਦਾ ਸੀ। ਘਰ ਆ ਕੇ ਉਹ ਆਪਣੀ ਮਾਂ ਨੂੰ ਕਈ ਤਰ੍ਹਾਂ ਦੇ ਸਵਾਲ ਕਰਦਾ ਸੀ ਜਿਵੇਂ ਕਿ ਮਾਂ ਜੰਨਤ ਕੀ ਹੁੰਦੀ ਹੈ ਤੇ ਕਾਫਰ ਕਿਸਨੂੰ ਕਹਿੰਦੇ ਹਨ ਤੇ ਜਹਾਦ ਤੋਂ ਕੀ ਭਾਵ ਹੈ ਤੇ ਆਪਣੇ ਫਿਰਕੇ ਲਈ ਮਰ ਮਿਟਣਾ ਕੀ ਹੈ? ਉਸਦੀ ਮਾਂ ਗੁੱਸੇ ਹੋ ਕੇ ਪੁੱਛਦੀ...

ਕਿ ਤੈਨੂੰ ਇਹ ਗੱਲਾਂ ਕੌਣ ਸਿਖਾਉਂਦਾ ਹੈ ਤਾਂ ਉਹ ਜਵਾਬ ਦਿੰਦਾ ਕਿ ਮੇਰੇ ਦੋਸਤ ਇਹ ਗੱਲਾਂ ਅਕਸਰ ਕਰਦੇ ਹਨ। ਉਹ ਕਹਿੰਦੇ ਹਨ ਕਿ ਅਸੀਂ ਪੂਰੀ ਤਰ੍ਹਾਂ ਅਜ਼ਾਦ ਨਹੀਂ ਹਾਂ, ਸਾਨੂੰ ਆਪਣੇ ਹਕੂਕ ਲੜੵ ਕੇ ਲੈਣੇ ਪੈਣਗੇ। ਫ਼ੈਜ ਦੇ ਮੂੰਹੋਂ ਇਹ ਗੱਲਾਂ ਸੁਣ ਕੇ ਆਬਿਦਾ ਦੇ ਪੈਰਾਂ ਹੇਠੋਂ ਜਮੀਨ ਨਿਕਲਦੀ ਜਾਪੀ। ਉਸਨੇ ਫ਼ੈਜ ਨੂੰ ਬਾਹਰ ਜਾਣ ਤੋਂ ਰੋਕਣ ਲਈ ਉਸਦੇ ਲੱਕੜੀਆਂ ਲਿਆਉਣ ਦੇ ਕੰਮ ਤੇ ਵੀ ਰੋਕ ਲਗਾ ਦਿੱਤੀ ਸੀ ਪਰ ਫ਼ੈਜ ਜਵਾਨੀ ਦੀ ਦਹਿਲੀਜ਼ ਤੇ ਹੋਣ ਕਰਕੇ ਆਪਣੀ ਮਾਂ ਦੀਆਂ ਗੱਲਾਂ ਨਹੀਂ ਸਮਝਦਾ ਸੀ। ਉਸ ਅੰਦਰ ਵੀ ਬਾਪ ਵਾਂਗ ਖੂਨ ਉਬਾਲੇ ਖਾਣ ਲੱਗ ਪਿਆ ਸੀ। ਉਸਨੂੰ ਦੂਜੇ ਲੋਕਾਂ ਦੇ ਆਲੀਸ਼ਾਨ ਮਕਾਨ ਤੇ ਗੱਡੀਆਂ ਵੇਖ ਕੇ ਨਫਰਤ ਹੋਣ ਲੱਗ ਪਈ ਸੀ। ਉਹ ਮਾਂ ਨਾਲ ਇਸ ਗੱਲ ਤੇ ਅਕਸਰ ਬਹਿਸ ਪੈਂਦਾ ਕਿ ਲੋਕਾਈ ਦੇ ਦੁੱਖਾਂ ਦਰਦਾਂ ਨੂੰ ਸਮਝਣਾ ਤੇ ਉਹਨੂੰ ਦਾ ਭਲਾ ਕਰਨਾ ਜੰਨਤ ਨਹੀਂ ਸਗੋਂ ਆਪਣੇ ਮਜ਼ਹਬ ਲਈ ਅਖੀਰ ਤੱਕ ਲੜਨਾ ਮਰਨਾ ਹੀ ਜੰਨਤ ਹੈ। ਉਸਦੀ ਮਾਂ ਉਸਨੂੰ ਸਮਝਾਉਂਦੀ ਕਿ ਕੋਈ ਵੀ ਮਜ਼ਬ ਸਾਨੂੰ ਕਿਸੇ ਨਾਲ ਲੜਨਾ ਨਹੀਂ ਸਿਖਾਉਂਦਾ ਸਗੋਂ ਸਾਰੀ ਖ਼ਲਕਤ ਨਾਲ ਪਿਆਰ ਕਰਨਾ ਸਿਖਾਉਂਦਾ ਹੈ। ਮਜਬੀ ਕੱਟੜਤਾ ਹਰ ਕਿਸੇ ਧਰਮ ਲਈ ਮਾੜੀ ਹੈ ਭਾਂਵੇਂ ਉਹ ਕੋਈ ਵੀ ਧਰਮ ਹੋਵੇ। ਇਹ ਸਾਡੀ ਆਪਣੀ ਸੰਕੀਰਨਤਾ ਹੈ ਜੋ ਅਸੀਂ ਮਜਬਾਂ ਦੇ ਅਧਾਰ ਤੇ ਆਪਣੇ ਦਿਲਾਂ ਵਿੱਚ ਵੰਡੀਆਂ ਪਾਈ ਫਿਰਦੇ ਹਾਂ ਤੇ ਇੱਕ-ਦੂਜੇ ਨੂੰ ਮਾਰਨ ਤੇ ਤੁਲੇ ਹੋਏ ਹਾਂ। ਆਹ ਜਿਹੜੀ ਜੰਨਤ ਦੀ ਪ੍ਰੇਰਨਾ ਦੇ ਕੇ ਲੱਖਾਂ ਮਜ਼ਲੂਮਾਂ ਦਾ ਖੂਨ ਵਹਾਇਆ ਜਾ ਰਿਹਾ ਹੈ, ਇਹ ਕੋਈ ਅੱਲਾ ਦੀ ਵਿਸ਼ੇਸ਼ ਜਗਾ ਨਹੀਂ ਹੈ ਜਿੱਥੇ ਮਨੁੱਖ ਨੂੰ ਅਨੇਕਾਂ ਸੁੱਖ ਮਿਲਦੇ ਹਨ ਸਗੋਂ ਇਹ ਤਾਂ ਮਨੁੱਖ ਨੂੰ ਸ਼ੁੱਭ ਕੰਮਾਂ ਦੀ ਪ੍ਰੇਰਨਾ ਦੇਣ ਦਾ ਇੱਕ ਜਰੀਆ ਹੈ ਜਿਵੇਂ ਮਾਂ ਆਪਣੇ ਨਿੱਕੇ ਬੱਚੇ ਨੂੰ ਵਰਾਉਣ ਲਈ ਚੀਜ਼ੀਆਂ ਦੇਣ ਦਾ ਲਾਰਾ ਲਾਉਂਦੀ ਹੈ। ਇਹ ਸੁਣ ਕੇ ਬੱਚਾ ਤਾਂ ਚੁੱਪ ਕਰ ਜਾਂਦਾ ਹੈ ਪਰ ਕੱਟੜਪੰਥੀ ਆਮ ਭੋਲੇਭਾਲੇ ਲੋਕਾਂ ਨੂੰ ਉਕਸਾ ਕੇ ਜੰਨਤ ਦਾ ਅਜਿਹਾ ਲਾਰਾ ਲਾਉਂਦੇ ਹਨ ਕਿ ਉਹ ਅਨੇਕਾਂ ਮਾਸੂਮ ਲੋਕਾਂ ਤੋਂ ਉਹਨਾਂ ਦੀ ਮਾਂ-ਪਿਓ,ਭੈਣ-ਭਰਾ, ਪਤੀ-ਪਤਨੀ ਤੇ ਹੋਰ ਬਹੁਤ ਸਾਰੀਆਂ ਸੁੰਦਰ ਨਿਆਮਤਾਂ ਰੂਪੀ ਜੰਨਤ ਨੂੰ ਖੋਹ ਲੈਂਦੇ ਹਨ ਤੇ ਆਪ ਸਦਾ ਲਈ ਦੋਜ਼ਖ਼ ਦੀ ਘੁੰਮਣਘੇਰੀ ਵਿੱਚ ਜਾ ਪੈਂਦੇ ਹਨ। ਹੁਣ ਫ਼ੈਜ ਪੁੱਤ ਤੇਰੇ ਲਈ ਦੋ ਰਾਹ ਹਨ ਕਿ ਤੂੰ ਖੁਦਾ ਵਾਲੀ ਜੰਨਤ ਦੇ ਰਸਤੇ ਪੈਣਾ ਹੈ ਜਾਂ ਮਜਬੀ ਕੱਟੜਪੰਥੀਆਂ ਦੁਆਰਾ ਲੋਕਾਂ ਦਾ ਖੂਨ ਵਹਾ ਕੇ ਉਸਾਰੀ ਦਿਖਾਵੇ ਦੀ ਫੋਕੀ ਜੰਨਤ ਦੇ ਰਾਹੇ, ਇਹ ਫੈਸਲਾ ਹੁਣ ਤੇਰੇ ਹੱਥ ਹੈ ਤੇ ਨਤੀਜਾ ਆਪਣੇ ਅੱਬਾ ਨਾਲ ਹੋਏ ਅੰਜਾਮ ਬਾਰੇ ਤੂੰ ਆਪ ਭਲੀ ਭਾਂਤ ਜਾਣਦਾ ਹੈ।
ਸਰਬਜੀਤ ਸਿੰਘ ਜਿਉਣ ਵਾਲਾ , ਫਰੀਦਕੋਟ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)