ਫੌਜ ਵਿਚੋਂ ਰਿਟਾਇਰ ਰਿਸ਼ਤੇਦਾਰ ਦਾ ਫੋਨ ਆਇਆ ..ਆਖਣ ਲੱਗਾ ਸੁਬੇਗ ਸਿੰਘ ਦੀ ਫੋਟੋ ਆਪਣੇ ਫੇਸ ਬੁਕ ਪ੍ਰੋਫ਼ਾਈਲ ਚੋਂ ਕੱਢ ਦੇ ..ਦੇਸ਼ ਦਾ ਬਾਗੀ ਸੀ ਉਹ … ਨਹੀਂ ਤੇ ਮੈਨੂੰ ਮਜਬੂਰਨ ਤੇਰੀ ਫ੍ਰੇਂਡ ਲਿਸਟ ਚੋਂ ਬਾਹਰ ਹੋਣਾ ਪਵੇਗਾ ! ਉਸ ਨੂੰ ਓਸੇ ਵੇਲੇ ਸਦਾ ਲਈ ਅਲਵਿਦਾ ਆਖ ਦਿੱਤਾ ! ਫੇਰ ਸੋਚਿਆ ਚਲੋ ਇਸ ਬਾਗੀ ਦੇ ਜੀਵਨ ਤੇ ਥੋੜੀ ਖੋਜ ਕੀਤੀ ਜਾਵੇ ਤੇ ਜਨਤਾ ਦੀ ਕਚਹਿਰੀ ਵਿਚ ਸਾਂਝੀ ਕੀਤੀ ਜਾਵੇ ! ਫੈਸਲਾ ਵੀ ਹੋ ਜਾਵੇਗਾ ਕੇ ਕਿਹੜੇ ਹਲਾਤਾਂ ਵਿਚ ਇਸ ਨੂੰ ਬੰਦੂਕ ਚੁੱਕਣੀ ਪਈ ਤੇ ਨਾਲ ਹੀ ਚੁਰਾਸੀ ਮਗਰੋਂ ਜਨਮੀਂ ਨਵੀਂ ਪੀੜੀ ਦੀ ਜਾਣਕਾਰੀ ਵੀ ਅਪਡੇਟ ਹੋ ਜਾਵੇਗੀ !
1925 ਵਿਚ ਅੰਮ੍ਰਿਤਸਰ ਤੋਂ 8 ਕਿਲੋਮੀਟਰ ਦੂਰ ਪਿੰਡ ਖਿਆਲਾ ਵਿਚ ਜਨਮੇ ਸੁਬੇਗ ਸਿੰਘ ਦੇ ਪਰਿਵਾਰ ਕੋਲ 100 ਏਕੜ ਦੇ ਕਰੀਬ ਜਮੀਨ ਸੀ ! ਪਰਿਵਾਰਿਕ ਪਿਛੋਕੜ ਮੱਸੇ -ਰੰਘੜ ਦਾ ਸਿਰ ਕਲਮ ਕਰਨ ਵਾਲੇ ਮਹਿਤਾਬ ਸਿੰਘ ਮੀਰਾਂ ਕੋਟ ਨਾਲ ਜੁੜਦਾ ਹੈ ! ਹਾਕੀ ਤੇ ਫ਼ੁਟਬਾਲ ਦੇ ਸ਼ਾਨਦਾਰ ਖਿਡਾਰੀ ਨੇ 18 ਸਾਲ ਦੀ ਉਮਰ ਵਿਚ 100 ਮੀਟਰ ਦੌੜ ਦੀ ਇੰਡੀਆ ਦੇ ਰਿਕਾਰਡ ਦੀ ਬਰਾਬਰੀ ਕਰ ਲਈ ! 1943 ਵਿਚ ਖਾਲਸਾ ਕਾਲਜ ਅਮ੍ਰਿਤਸਰ ਵਿਚੋਂ ਹਜਾਰਾਂ ਉਮੀਦਵਾਰਾਂ ਵਿਚੋਂ ਕੱਲਾ ਹੀ ਮਿਲਿਟਰੀ ਆਫ਼ਿਸਰ ਟ੍ਰੇਨਿੰਗ ਅਕੈਡਮੀਂ ਵਾਸਤੇ ਚੁਣਿਆ ਗਿਆ ! ਦੂਜਾ ਵਿਸ਼ਵ ਯੁੱਧ 1945 ਤੱਕ ਬਹਾਦਰੀ ਨਾਲ ਲੜਿਆ ! ਫੇਰ 1948 ਦੀ ਕਸ਼ਮੀਰ ਵਿਚ ਹੋਈ ਘੁਸਪੈਠ ਨੂੰ ਦਲੇਰੀ ਨਾਲ ਠੱਲ ਪਾਈ ! 1962 ਵਿਚ ਚੀਨੀਆਂ ਨਾਲ ਹੋਈ ਜੰਗ ਤਨੋਂ ਮਨੋਂ ਹਿੱਕ ਡਾਹ ਕੇ ਲੜੀ ! 1965 ਵਿਚ ਪਾਕ ਨਾਲ ਜੰਗ ਸ਼ੁਰੂ ਹੀ ਹੋਈ ਹੀ ਸੀ ਕੇ ਹਾਜੀ ਪੀਰ ਦੇ ਮੋਰਚੇ ਤੇ ਘਰੋਂ ਟੈਲੀਗ੍ਰਾਮ ਆ ਗਈ ਕੇ ਪਿਤਾ ਭਗਵਾਨ ਸਿੰਘ ਜੀ ਪੂਰੇ ਹੋ ਗਏ ! ਛੁੱਟੀ ਮਿਲ ਸਕਦੀ ਸੀ ਪਰ ਸੁਨੇਹੇ ਵਾਲਾ ਕਾਗਜ ਜੇਬ ਵਿਚ ਪਾ ਲਿਆ ਤੇ ਦੁਸ਼ਮਣ ਖਿਲਾਫ ਮੋਰਚੇ ਤੇ ਡਟ ਗਿਆ !ਬਾਕੀਆਂ ਨੂੰ ਇਸ ਗੱਲ ਦੀ ਭਿਣਕ ਪਈ ਤਾਂ ਹੈਰਾਨ ਰਹਿ ਗਏ !
ਮਗਰੋਂ ਮਾਤਾ ਸਰਦਾਰਨੀ ਪ੍ਰੀਤਮ ਕੌਰ ਨੂੰ ਹੋਂਸਲਾ ਦੇਣ ਪਿੰਡ ਪੁੱਜ ਗਿਆ ! ਮਾਂ ਨੇ ਇੱਕ ਵਾਰੀ ਵੀ ਪੁੱਤ ਨਾਲ ਗਿਲਾ ਨਾ ਕੀਤਾ ਕੇ ਬਾਪ ਮੋਏ ਤੇ ਕਿਓਂ ਨਹੀਂ ਅੱਪੜਿਆ ! ਢਿੱਡੋਂ ਜਨਮੇ ਦੇ ਸੁਬਾਹ ਤੇ ਫਿਦਰਤ ਤੋਂ ਚੰਗੀ ਤਰਾਂ ਵਾਕਿਫ ਸੀ ! 1971 ਦੀ ਬੰਗਲਾਦੇਸ਼ ਦੀ ਲੜਾਈ ਵਿਚ “ਸ਼ਾਹ-ਬੇਗ” ਨਾਮ ਦੇ ਮੁਸਲਿਮ ਨੌਜੁਆਨ ਵੱਜੋਂ ਵਿੱਚਰ ਕੇ ਮੁਕਤੀ -ਵਾਹਿਨੀ ਨਾਮ ਦੀ ਫ਼ੌਜ ਖੜੀ ਕੀਤੀ ! ਇੱਕ ਲੱਖ ਦੇ ਕਰੀਬ ਪਾਕ ਫੌਜੀਆਂ ਕੋਲੋਂ ਹਥਿਆਰ ਸੁੱਟਵਾਏ.!
ਅਤੀ -ਵਸ਼ਿਸ਼ਟ ਸੇਵਾ ਮੈਡਲ (AVSM) ਅਤੇ ਪਰਮ ਵਸ਼ਿਸ਼ਟ ਸੇਵਾ ਮੈਡਲ (PVSM) ਵਰਗੇ ਬਹੁਮੁਲੇ ਮੈਡਲ ਝੋਲੀ ਪੁਵਾਏ ! ਮਿਲਿਟਰੀ ਸਾਇੰਸ ਤੇ ਓਪ੍ਰੈਸ਼ਨਲ ਟੈਕਟਿਸ ਦੇ ਮਾਹਿਰ ਇਸ ਅਫਸਰ ਨੇ ਕਈ ਮਹੱਤਵਪੂਰਨ ਅਹੁਦਿਆਂ ਤੇ ਕੰਮ ਕੀਤਾ !1972 ਵਿਚ GOC (ਜਨਰਲ ਔਫੀਸਰ ਕਮਾਂਡਿੰਗ ਇਨ ਚੀਫ ) ਬਣਾਏ ਗਏ ਤੇ ਮੱਧ-ਪ੍ਰਦੇਸ਼ ,ਬਿਹਾਰ ਤੇ ਉੜੀਸਾ ਦਾ ਚਾਰਜ ਦਿੱਤਾ ਗਿਆ ! 1973 ਵਿਚ ਇੰਦਰਾ ਗਾਂਧੀ ਨੇ ਹੁਕਮ ਦਿੱਤਾ ਕੇ ਫੌਜ ਉਸਦੇ ਰਾਜਸੀ ਦੁਸ਼ਮਣ ਜੈ ਪ੍ਰਕਾਸ਼ ਨਰਾਇਣ ਨੂੰ ਗ੍ਰਿਫਤਾਰ ਕਰੇ ਕਿਓੰਕੇ ਪੁਲਸ ਬਾਗੀ ਹੋ ਕੇ ਉਸਦਾ ਹੁਕਮ ਮੰਨਣ ਤੋਂ...
ਇਨਕਾਰੀ ਹੋ ਗਈ ਸੀ !
ਸੁਬੇਗ ਸਿੰਘ ਨੇ ਇਹ ਕਹਿੰਦਿਆਂ ਨਾਂਹ ਕਰ ਦਿਤੀ ਕੇ ਫੌਜ ਰਾਜਸੀ ਕੰਮਾਂ ਵਿਚ ਦਖਲ ਨਹੀਂ ਦੇਵੇਗੀ ! ਨਾਂਹ ਨਾ ਸੁਣਨ ਦੀ ਆਦੀ ਇੰਦਰਾ ਨੇ ਗੁੱਸਾ ਖਾ ਕੇ ਕੁਰਪਸ਼ਨ ਦੇ ਮਾਮੂਲੀ (2500 ਰੁਪਈਏ ਦੇ ਗਿਫ਼੍ਟ ਲੈਣ ਦੇ ਦੋਸ਼ ) ਕੇਸ ਵਿਚ ਫਸਾ ਦਿੱਤਾ !
ਫੇਰ ਸ਼ੁਰੂ ਹੋਇਆ ਇਸ ਨੂੰ ਪੈਰ ਪੈਰ ਤੇ ਜਲੀਲ ਕਰਨ ਦਾ ਨਾ-ਮੁੱਕਣ ਵਾਲਾ ਸਿਲਸਿਲਾ ! ਜੂਨੀਅਰ ਅਫਸਰ ਤੱਰਕੀ ਦੇ ਕੇ ਸੀਨੀਅਰ ਬਣਾ ਦਿੱਤੇ ਗਏ ਅਤੇ ਇਸ ਯੋਧੇ ਨੂੰ ਬਣਦੀ ਤੱਰਕੀ ਤੋਂ ਵੀ ਵਾਂਝਿਆ ਰਖਿਆ ! ਜਾਣ ਬੁਝ ਕੇ ਕੁਰਪਸ਼ਨ ਦੇ ਮੁਕਦਮੇ ਨੂੰ ਰਿਟਾਇਰਮੈਂਟ ਦੀ ਤਰੀਕ (1 ਮਈ 1976) ਤੱਕ ਲਮਕਾਇਆ ਗਿਆ ! ਫੇਰ ਹੋਰ ਜਲੀਲ ਕਰਨ ਲਈ ਰਿਟਾਇਰਮੈਂਟ ਤੋਂ ਐਨ ਇੱਕ ਦਿਨ ਪਹਿਲਾਂ (30 ਅਪ੍ਰੈਲ 1976) ਨੂੰ ਹੀ ਬਿਨਾ ਅਦਾਲਤ ਦਾ ਫੈਸਲਾ ਉਡੀਕਿਆਂ ਨੌਕਰੀ ਤੋਂ ਡਿਸਮਿਸ ਕਰ ਦਿੱਤਾ ! ਇਕ ਦੇਸ਼ ਨੂੰ ਸਮਰਪਿਤ ਫੌਜੀ ਅਫਸਰ ਵਾਸਤੇ ਇਸਤੋਂ ਵੱਧ ਨਮੋਸ਼ੀ ਵਾਲੀ ਗੱਲ ਹੋਰ ਕੀ ਸਕਦੀ ਸੀ ! ਇਸੇ ਦੌਰਾਨ ਪਤਨੀ ਕੈਂਸਰ ਦਾ ਸ਼ਿੱਕਾਰ ਹੋ ਗਈ ਤੇ ਬੱਚਿਆਂ ਦੀ ਪੜਾਈ ਵੀ ਬੁਰੀ ਤਰਾਂ ਪ੍ਰਭਾਵਿਤ ਹੋਈ !
ਆਖਿਰ ਜਮੀਰ ਤੇ ਡੂੰਘੀਆਂ ਸੱਟਾਂ ਸਹਿੰਦੇ ਹੋਏ ਇਸ ਮਾਝੇ ਦੇ ਇਸ ਜਰਨੈਲ ਦਾ ਮਿਲਾਪ ਉਸ ਜਰਨੈਲ ਨਾਲ ਹੋਇਆ ਜਿਹੜਾ ਸਰੀਰਕ ਮੌਤ ਨੂੰ ਤੁੱਛ ਜਾਣਦਾ ਸੀ !
6 ਜੂਨ 1984 ਨੂੰ ਦੁਪਹਿਰ 12 ਕੁ ਵਜੇ ਜਨ.ਸੁਬੇਗ ਸਿੰਘ ਦੀ ਮਿਰਤਕ ਦੇਹ ਨੂੰ ਰੱਸਿਆਂ ਨਾਲ ਬੰਨ ਕੇ ਸ੍ਰੀ ਅਕਾਲ ਤਖ਼ਤ ਸਾਬ ਦੀ ਬੇਸਮੇਂਟ ਤੋਂ ਧੂਹ ਕੇ ਬਾਹਰ ਲਿਆਂਦਾ ! ਪਹਿਲਾਂ ਮ੍ਰਿਤਕ ਦੇਹ ਨੂੰ ਠੁੱਡ ਮਾਰ ਰੱਜ ਰੱਜ ਬੇਇੱਜਤ ਕੀਤਾ ਤੇ ਫੇਰ ਮ੍ਰਿਤਕ ਦੇਹ ਕੋਲ ਖਲੋ ਨਾਲ ਫੋਟੋਆਂ ਖਿਚਾਈਆਂ !
ਅਜੀਬ ਇਤਫ਼ਾਕ ਇਹ ਸੀ ਜਿਸ ਫੌਜੀ ਜਰਨੈਲ ਨੇ 100000 ਦੇ ਕਰੀਬ ਦੁਸ਼ਮਣ ਦੇ ਸਿਪਾਹੀਆਂ ਕੋਲੋਂ ਹਥਿਆਰ ਸੁਟਵਾ ਕੇ ਵੀ ਓਹਨਾ ਦੇ ਮਾਣ ਸਨਮਾਨ ਦਾ ਪੂਰਾ ਖਿਆਲ ਰਖਿਆ ਅੱਜ ਓਸੇ ਦੀ ਖੁਦ ਦੀ ਲਾਸ਼ ਓਸੇ ਦੇ ਮਹਿਕਮੇਂ ਵਾਲਿਆਂ ਰੱਜ ਰੱਜ ਪੈਰਾਂ ਵਿਚ ਰੋਲੀ !
ਇੱਕ ਅਜੀਬ ਇਤਫ਼ਾਕ ਇਹ ਵੀ ਸੀ ਕੇ ਜਿਸ ਕੁਰਪਸ਼ਨ ਦੇ ਦੋਸ਼ ਨੂੰ ਅਧਾਰ ਬਣਾ ਕੇ ਫੌਜ ਵਿਚੋਂ ਬੇਇੱਜਤ ਕਰ ਕੇ ਕੱਢਿਆ ਗਿਆ ਸੀ ..ਓਸੇ ਕੇਸ ਵਿਚੋਂ ਸੁਪ੍ਰੀਮ ਕੋਰਟ ਨੇ ਬਾਇੱਜਤ ਬਰੀ ਕਰ ਦਿੱਤਾ ਪਰ ਜਿਸ ਤਰਾਂ ਕਹਿੰਦੇ ਨੇ …”Justice delayed is justice denied”…ਉਸ ਵੇਲੇ ਤੱਕ ਦੇਰ ਹੋ ਚੁੱਕੀ ਸੀ ਤੇ ਇਹ ਬਾਗੀ ਦੁਨਿਆਵੀ ਅਦਾਲਤਾਂ ਦਾ ਮਖੌਲ ਉਡਾਉਂਦਾ ਹੋਇਆ ਬਹੁਤ ਦੂਰ ਜਾ ਚੁੱਕਾ ਸੀ !
“ਸੇਵਕ ਕੀ ਓੜਕ ਨਿਬਹੀ ਪ੍ਰੀਤ ” ਆਖ ਜਿੰਦਗੀ ਨੂੰ ਹੱਸ ਕੇ ਠੋਕਰ ਮਾਰਨ ਵਾਲਾ ਇਹ ਬਾਗੀ ਆਖਰੀ ਲੜਾਈ ਵਿਚ ਵੀ ਵਿਰੋਧੀਆਂ ਨੂੰ ਬੁਰੀ ਤਰਾਂ ਮਾਤ ਦੇ ਗਿਆ !
(ਆਪ ਵੀ ਪੜੋ ਤੇ ਹੋਰਨਾਂ ਨੂੰ ਪੜਾਓ ਤਾਂ ਜੋ ਕਈਆਂ ਦੇ ਮਨਾਂ ਵਿਚ ਇਸ ਯੋਧੇ ਪ੍ਰਤੀ ਪਾਏ ਭਰਮ ਭੁਲੇਖੇ ਦੂਰ ਹੋ ਸਕਣ)
ਹਰਪ੍ਰੀਤ ਸਿੰਘ ਜਵੰਦਾ